******
ਦਰਵੇਸ਼ - ਤੁਹਾਡੀ ਜ਼ਿੰਦਗੀ ਦੀ ਸਭ ਤੋਂ ਪਿਆਰੀ ਖ਼ੁਸ਼ੀ ਕਿਹੜੀ ਹੈ
ਜਸਵਿੰਦਰ - ਕਿਸੇ ਲੋੜਵੰਦ ਦੀ ਮੱਦਦ ਕਰਨ ਵੇਲੇ, ਦੁਖਿਆਰੇ ਦਾ ਦੁੱਖ ਵੰਡਾਉਣ ਵੇਲੇ ਜੋ ਖ਼ੁਸ਼ੀ ਮਿਲਦੀ ਹੈ, ਉਹ ਸਭ ਤੋਂ ਪਿਆਰੀ ਕਹਿ ਸਕਦਾ ਹਾਂ।
........
ਦਰਵੇਸ਼ - ਤੁਸੀਂ ਜ਼ਿੰਦਗੀ ਵਿਚ ਕਿਸ ਵਿਅਕਤੀ ਜਾਂ ਘਟਨਾ ਤੋਂ ਪ੍ਰਭਾਵਿਤ ਹੋਏ ਹੋ
ਜਸਵਿੰਦਰ -ਸ੍ਰੀ ਗੁਰੁ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨ ਤੋਂ।
.......
ਦਰਵੇਸ਼ - ਤੁਹਾਨੂੰ ਕਿਸ ਗੱਲ ਤੋਂ ਸਭ ਤੋਂ ਜ਼ਿਆਦਾ ਡਰ ਲਗਦਾ ਹੈ
ਜਸਵਿੰਦਰ - ਡਰਨਾ ਹੈ ਕੀ ਜਹਾਨ ਤੋਂ ਡਰਦਾ ਹਾਂ ਉਸਤੋਂ ਮੈਂ
ਮੇਰੇ ਖ਼ਿਲਾਫ਼ ਜੋ ਮੇਰੇ ਸੀਨੇ ਚੋਂ ਬੋਲਿਆ
...........
ਦਰਵੇਸ਼ - ਤੁਹਾਡਾ ਸਭ ਤੋਂ ਪਿਆਰਾ ਤੇ ਬੁਰਾ ਸੁਪਨਾ ਕਿਹੜਾ ਹੈ
ਜਸਵਿੰਦਰ - ਸਭ ਤੋਂ ਪਿਆਰਾ ਸੁਪਨਾ –ਮੁਕੰਮਲ ਇਨਸਾਫ਼ ਵਾਲਾ ਸਮਾਜਿਕ ਪ੍ਰਬੰਧ, ਸਭ ਤੋਂ ਬੁਰਾ ਸੁਪਨਾ-ਬੰਦੇ ਅੰਦਰੋਂ ਮਿਟ ਰਹੀ ਸੰਵੇਦਨਸ਼ੀਲਤਾ
..........
ਦਰਵੇਸ਼ - ਭਾਰਤੀ ਇਤਹਾਸ ਵਿਚ ਤੁਹਾਡਾ ਸਭ ਤੋਂ ਪਿਆਰਾ ਵਿਅਕਤੀ ਕੌਣ ਹੈ
ਜਸਵਿੰਦਰ -ਬਾਬਾ ਨਾਨਕ
..........
ਦਰਵੇਸ਼ - ਕਦੇ ਆਪਣੇ ਆਪ ਨਾਲ ਲੜਾਈ ਵੀ ਕੀਤੀ ਹੈ ਜਾਂ ਨਹੀਂ ?
ਜਸਵਿੰਦਰ -ਅਕਸਰ ਹੀ ਕਰਦਾ ਹਾਂ।ਮੇਰੀ ਗ਼ਜ਼ਲ ਵਿਚ ਆਪਣੇ ਆਪ ਨਾਲ ਲੜਾਈ ਦੀਆਂ ਅਨੇਕ ਮਿਸਾਲਾਂ ਮਿਲ ਜਾਣਗੀਆਂ।
.............
ਦਰਵੇਸ਼ - ਜੇਕਰ ਤੁਸੀਂ ਜ਼ਿੰਦਗੀ ਵਿਚ ਰੋਏ ਹੋ ਤਾਂ ਕਦੋਂ ਤੇ ਕਿਉਂ ?
ਜਸਵਿੰਦਰ -ਬਹੁਤ ਵਾਰ। ਕਦੇ ਵਿੱਛੜਿਆਂ ਨੂੰ ਯਾਦ ਕਰਕੇ, ਕਦੇ ਆਪਣੀ ਬੇਬਸੀ 'ਤੇ
...........
ਦਰਵੇਸ਼ - ਕਦੇ ਕੋਈ ਮਾਰਮਿਕ ਕਿਤਾਬ ਪੜ੍ਹ ਕੇ, ਦ੍ਰਿਸ਼ ਦੇਖ ਕੇ, ਸੁਣ ਕੇ, ਮਹਿਸੂਸ ਕਰਕੇ ਆਪਣੇ ਫੁਰਸਤ ਦੇ ਪਲਾਂ 'ਚ ਤੁਸੀਂ ਆਪਣੇ ਆਪ ਲਈ ਕਿੰਨਾ ਕੁ ਜਿਉਂਦੇ ਹੋ ?
ਜਸਵਿੰਦਰ -ਹਰ ਮਨੁੱਖੀ ਸਰਗਰਮੀ ਚਾਹੇ ਉਹ ਨਿੱਜੀ ਹੋਵੇ ਚਾਹੇ ਸਮਾਜਿਕ,ਇਕ ਸਾਂਝੀ ਇਕਾਈ ਵਿਚ ਬੱਝੀ ਹੁੰਦੀ ਹੈ,ਅਸੀਂ ਹੋਰਾਂ ਲਈ ਜਿਉਂਦੇ ਹੋਏ ਨਿੱਜ ਲਈ ਵੀ ਜਿਉਂਦੇ ਹਾਂ।
...........
ਦਰਵੇਸ਼ - ਤੁਹਾਡੇ ਜਿਹੜੇ ਵੀ ਸ਼ੌਕ ਨੇ,ਉਹਨਾਂ ਵਾਸਤੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕਿੰਨਾ ਕੁ ਖ਼ਰਚ ਕਰਦੇ ਹੋ ?
ਜਸਵਿੰਦਰ -ਕਦੇ ਹਿਸਾਬ ਨਹੀਂ ਰੱਖਿਆ, ਕਦੇ ਕਦੇ ਔਕਾਤ ਨਾਲੋਂ ਜ਼ਿਆਦਾ ਖ਼ਰਚ ਤੋਂ ਡਰਦਿਆਂ ਸ਼ੌਕ ਦੀ ਪੂਰਤੀ ਲਈ ਅੱਗਾ-ਪਿੱਛਾ ਹੋ ਜਾਂਦਾ ਹੈ।
.........
ਦਰਵੇਸ਼ - ਤੁਹਾਨੂੰ ਕਿਹੜੀਆਂ ਤੇ ਕਿਹੋ ਜਿਹੀਆਂ ਗੱਲਾਂ ਉਪਰ ਹਾਸਾ ਆਉਂਦਾ ਹੈ?
ਜਸਵਿੰਦਰ -ਬਹੁਤ ਗੱਲਾਂ ਉਤੇ।ਕਈ ਵਾਰ ਆਪਣੀ ਮੂਰਖਤਾ 'ਤੇ,ਜਾਂ ਉਨ੍ਹਾਂ ਵਿਦਵਾਨਾਂ ‘ਤੇ, ਰਹਿਬਰਾਂ ਦੀ ਅਕਲ 'ਤੇ, ਜੋ ਜੱਟ ਵਿੱਦਿਆ ਵਰਗੇ ਆਮ ਗਿਆਨ ਨੂੰ ਕਿਤਾਬਾਂ 'ਚੋਂ ਲੱਭਦੇ ਨੇ।
No comments:
Post a Comment