Thursday, September 8, 2011

ਕੌਫੀ ਕਲੱਬ ਵਿਚ - ਤਨਦੀਪ ਤਮੰਨਾ - ਪਰਵੇਜ਼ ਸੰਧੂ

ਤਨਦੀਪ ਤਮੰਨਾ ਪਰਵੇਜ਼ ਸੰਧੂ

ਤਨਦੀਪ - ਤੁਹਾਡੇ ਕਿਰਦਾਰ ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਪਰਵੇਜ਼ - ਮੇਰੇ ਆਲੇ ਦੁਆਲੇ ਦੇ ਮੇਰੇ ਆਪਣੇ ਕਹਿੰਦੇ ਨੇ ਕਿ ਮੈਂ ਹਰ ਬੁਰੇ ਬੰਦੇ 'ਅੱਛਾਈ ਲੱਭ ਲੈਂਦੀ ਹਾਂ ਤੇ ਇਹ ਹੈ ਵੀ ਠੀਕ ਵੀ ਹੈ I see good in every one.
-----
ਤਨਦੀਪ - ਇਕ ਮਰਦ ਦੋਸਤ ਵਿਚ ਕਿਹੜੇ ਗੁਣ ਤੁਹਾਨੂੰ ਪ੍ਰਭਾਵਿਤ ਕਰਦੇ ਹਨ
ਪਰਵੇਜ਼ - ਮਰਦ ਦੋਸਤਾਂ ਦੀ ਲਿਸਟ ਚ ਮੇਰੇ ਡੈਡ , ਮੇਰੇ ਬੱਚਿਆਂ ਦੇ ਬਾਪੂ ਜੀ , ਮੇਰਾ ਬੇਟਾ , ਗੁਰਪ੍ਰੀਤ ਧਾਲੀਵਾਲ ਹਨ ਤੇ ਸਭਨਾਂ ਦੀ ਸਾਂਝੀ ਸਿਫ਼ਤ ਹੈ ਕਿਸੇ ਗੱਲ ਦਾ ਮਿਹਣਾ ਨਾ ਦੇਣਾ ਤੇ ਦੁਨੀਆਂ ਦੀਆਂ ਤੱਤੀਆਂ ਹਵਾਵਾਂ ਮੂਹਰੇ ਢਾਲ਼ ਬਣ ਕੇ ਖੜ੍ਹੇ ਹੋ ਜਾਣਾ
-----
ਤਨਦੀਪ - ਤੁਹਾਡਾ ਮਨ ਪਸੰਦ ਰੰਗ ਕਿਹੜਾ ਤੇ ਕਿਉਂ ਹੈ
ਪਰਵੇਜ਼ - ਲਾਲ ਤੇ ਕਾਲਾ , ਲਾਲ ਰੰਗ ਮੈਨੂੰ ਖ਼ੁਸ਼ੀ ਦਿੰਦਾ ਹੈ ਤੇ ਕਾਲਾ ਰੰਗ ਮੈਨੂੰ ਬਗਾਵਤ ਤੇ ਵਿਦਰੋਹ ਦਾ ਰੰਗ ਲਗਦਾ ਹੈ ਤੇ ਅੱਜ ਕੱਲ ਮੈਂ ਬੈਂਗਣੀ, ਕਿਰਮਚੀ (Purple) ਰੰਗ ਪਸੰਦ ਕਰਦੀ ਹਾਂ ਕਿਉਂਕਿ ਇਹ ਸਵੀਨਾ ਦਾ ਰੰਗ ਹੈ
-----
ਤਨਦੀਪ - ਆਪਣੀਆਂ ਕਹਾਣੀਆਂ ਚ ਕਿੰਨੇ ਵਾਰ ਖ਼ੁਦ ਪਾਤਰ ਬਣ ਕੇ ਵਿਚਰੇ ਹੋਂ
ਪਰਵੇਜ਼ - ਮੈ ਆਪਣੀਆਂ ਕਹਾਣੀਆਂ ਵਿਚ ਜ਼ਿਆਦਾ ਨਹੀ ਹੁੰਦੀ ਪਰ ਮੇਰੇ ਪਾਤਰ ਮੇਰੇ ਨੇੜੇ ਤੇੜੇ ਦੇ ਹੁੰਦੇ ਨੇ ਤੇ ਉਹ ਮੇਰੇ ਨਾਲ ਇੱਕ ਮਿੱਕ ਹੋ ਜਾਂਦੇ ਨੇ
-----
ਤਨਦੀਪ - ਦੁੱਖਾਂ ਨੇ ਤੁਹਾਨੂੰ ਕਿਹੜਾ ਸਬਕ ਸਿਖਾਇਆ ਹੈ
ਪਰਵੇਜ਼ - ਅਜੇ ਤਾਂ ਜਿਉਣਾ ਸਿੱਖ ਰਹੀ ਹਾਂ ਸਵੀਨਾ ਤੋਂ ਬਿਨਾ ਇੰਨਾ ਕੁ ਸਿੱਖ ਗਈ ਹਾਂ ਕਿ ਉਹ ਉੱਪਰ ਨੀਲੀ ਛਤਰੀ ਵਾਲ਼ਾ ( ਉਹ ਹੈ ਵੀ ਜਾਂ ਨਹੀ ) ਜੇ ਚਾਹੇ ਤਾਂ ਇੱਕ ਪਲ 'ਚ ਸਭ ਕੁਝ ਬਦਲ ਸਕਦਾ ਹੈ
-----
ਤਨਦੀਪ - ਉਹ ਗੀਤ ਜੋ ਤੁਸੀਂ ਅਕਸਰ ਗੁਣਗੁਣਾਉਣਾ ਪਸੰਦ ਕਰਦੇ ਹੋ
ਪਰਵੇਜ਼ - ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈਂ.... ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ--ਕ਼ਾਤਿਲ ਮੇਂ ਹੈ
-----
ਤਨਦੀਪ -
ਲੋਕ-ਗਾਥਾਵਾਂ/ਕਿੱਸਿਆਂ ਵਿਚ ਤੁਹਾਡਾ ਚਹੇਤੀ ਨਾਇਕਾ ਕੌਣ ਤੇ ਕਿਉਂ ਹੈ
ਪਰਵੇਜ਼ - ਮੇਰੀਆਂ ਦੋ ਇਤਹਾਸਿਕ ਨਾਇਕਾਂ ਮਨਪਸੰਦ ਹਨ ਮਾਈ ਭਾਗੋ ਤੇ ਝਾਂਸੀ ਦੀ ਰਾਣੀ.... ਵੈਸੇ ਝੱਖੜਾਂ ਦੇ ਉਲਟ ਚੱਲਣ ਵਾਲੇ ਸਾਰੇ ਲੋਕ ਮੈਨੂੰ ਪਸੰਦ ਨੇ


-----
ਤਨਦੀਪ ਉਹ ਕਿਹੜਾ ਰੈਸਟੋਰੈਂਟ ਸੀ, ਜਿਸ ਵਿਚ ਤੁਸੀਂ ਅੱਜ ਤੱਕ ਦੁਬਾਰਾ ਜਾ ਕੇ ਨਹੀਂ ਵੜੇ


ਪਰਵੇਜ਼ ਰੈਸਟੋਰੈਂਟ ਤਾਂ ਨਹੀਂ, ਇਕ ਵਾਰ ਕਿਸੇ ਦੇ ਵਿਆਹ ਤੇ ਬਹਿਰੇ ਦੇ ਸਿਰ ਚੜ੍ਹ ਕੇ ਪਲੇਟ ਭੰਨੀ ਸੀ, ਮੁੜ ਉੱਥੇ ਰੋਟੀ ਨਹੀਂ ਸੀ ਖਾਧੀ।


-----
ਤਨਦੀਪ
ਬਚਪਨ ਦੀ ਉਹ ਸਹੇਲੀ ਜਿਸਨੂੰ ਮਿਲ਼ਣ ਲਈ ਅੱਜ ਵੀ ਤਰਸ ਰਹੇ ਹੋ


ਪਰਵੇਜ਼ ਹਾਂ ਮੇਰੀ ਸਹੇਲੀ ਸੁਖਵਰਸ਼ਾ ਬ੍ਰਾਹਮਣਾਂ ਦੀ ਕੁੜੀ ਜਿਸ ਤੋਂ ਵਿਛੜੀ ਨੂੰ ਤਕਰੀਬਨ 37 ਸਾਲ ਹੋ ਗਏ ਨੇ


-----


ਤਨਦੀਪ ਡਰਾਈਵਿੰਗ ਕਰਦੇ ਵਕ਼ਤ ਦੂਜਿਆਂ ਦੀਆਂ ਗ਼ਲਤੀਆਂ ਤੋਂ ਤੰਗ ਆ ਕੇ ਕਦੇ ਮੰਦਾ-ਚੰਗਾ ਆਖਦੇ ਹੋ


ਪਰਵੇਜ਼ - ਹਾਂ ਕਦੀ-ਕਦੀ ਗਾਲ਼੍ਹ ਕੱਢੀ ਹੀ ਜਾਂਦੀ ਹੈ




Thursday, September 1, 2011

ਕੌਫੀ ਕਲੱਬ 'ਚ - ਤਨਦੀਪ ਤਮੰਨਾ - ਅਮਰੀਕ ਗ਼ਾਫ਼ਿਲ

ਤਨਦੀਪ ਤਮੰਨਾ ਅਮਰੀਕ ਗ਼ਾਫ਼ਿਲ

ਤਨਦੀਪ - ਤੁਹਾਡੇ ਕਿਰਦਾਰ ਚ ਸਭ ਤੋਂ ਵਧੀਆ ਖ਼ੂਬੀ ਕੀ ਹੈ


ਗ਼ਾਫ਼ਿਲ - ਮੈਂ ਹਰ ਹਾਲ ਚ ਖ਼ੁਸ਼ ਰਹਿਣ ਦੀ ਤੇ ਦੂਜੇ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹਾਂ .....


..........


ਤਨਦੀਪ - ਇਕ ਔਰਤ ਦੋਸਤ ਵਿਚ ਕਿਹੜਾ ਗੁਣ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ


ਗ਼ਾਫ਼ਿਲ -ਇਕ ਔਰਤ ਦੋਸਤ ਦਾ ਸੱਭ ਤੋਂ ਵੱਡਾ ਗੁਣ ਤਾਂ ਇਹ ਹੈ ਕਿ ਉਹ frank .... ਹੋਵੇ ਤੇ ਐਵੇਂ ਛੋਟੀ ਛੋਟੀ ਗੱਲ ਨੂੰ ਅੱਲ੍ਹੜਾਂ ਵਾਂਗ ਨਾ ਲੈਂਦੀ ਹੋਵੇ......ਮੈਨੂੰ ਕਿਸੇ ਗੱਲ ਤੋਂ ਟੋਕਦੀ ਹੋਵੇ ਤੇ ਖ਼ੁਦ ਵੀ ਡਾਂਟ ਖਾਣ ਦੀ ਸਮਰੱਥਾ ਰੱਖਦੀ ਹੋਵੇ ...ਜੇ ਦੋਸਤੀ ਕਰੇ ਤਾਂ ਫਿਰ ਕੋਈ ਗੱਲ ਛੁਪਾ ਕੇ ਨਾ ਰੱਖੇ...ਮੇਰੀ ਇਕ ਦੋਸਤ ਹੈ ਬਸ....ਉਹਦੀਆਂ ਖ਼ੂਬੀਆਂ ਨੇ ਇਹ ਸਭ..


...........


ਤਨਦੀਪ - ਜ਼ਿੰਦਗੀ ਵਿਚ ਮੁਹੱਬਤ ਨੇ ਗ਼ਮ ਜ਼ਿਆਦਾ ਦਿੱਤੇ ਹਨ ਕਿ ਖ਼ੁਸ਼ੀ


ਗ਼ਾਫ਼ਿਲ -ਮੁਹੱਬਤ ਤੁਹਾਨੂੰ ਕੀ ਦਿੰਦੀ ਏ....ਇਹ ਜਵਾਬ ਤਾਂ ਸਭ ਲੋਕ ਇਹ ਹੀ ਦਿੰਦੇ ਨੇ ..ਗ਼ਮ...ਪਰ ਤੁਸੀਂ ਮੁਹੱਬਤ ਨੂੰ ਕੀ ਦਿੱਤਾ ਇਹਦਾ ਜਵਾਬ ਕੋਈ ਨਹੀਂ ਦਿੰਦਾ ਤੇ ਨਾ ਕੋਈ ਪੁੱਛਦਾ ਏ...


...........


ਤਨਦੀਪ - ਕੋਈ ਐਸੀ ਗੱਲ ਜੋ ਅੱਜ ਕਬੂਲਣਾ ਚਾਹੁੰਦੇ ਹੋਵੋ


ਗ਼ਾਫ਼ਿਲ -ਬਹੁਤ ਕੁਛ ਗ਼ਲਤ ਹੋ ਗਿਆ ਹੈ ਅਣਜਾਣੇ ਵਿੱਚ......ਜ਼ਿੰਦਗੀ ਨੂੰ ਚੁਰਾਹੇ ਤੇ ਲਿਆ ਲਿਆ ਕੇ ਭੰਡ ਬੈਠਾ ਹਾਂ....ਪਤਾ ਨਹੀਂ ਕੀ ਕਰਨਾ ਪਏਗਾ ਪਸ਼ਚਾਤਾਪ ਜਾਂ ਪ੍ਰਾਸ਼ਚਿਤ....


...........


ਤਨਦੀਪ - ਤੁਹਾਡੀ ਮਨ-ਪਸੰਦ ਕਿਤਾਬ ਕਿਹੜੀ ਤੇ ਕਿਉਂ ਹੈ


ਗ਼ਾਫ਼ਿਲ - ਅਸਲ ਚ ਮੈਂ ਉਨਾਂ ਚੋਂ ਹਾਂ ਜਿਨ੍ਹਾਂ ਨੂੰ ਕਿਤਾਬਾਂ ਨਾਲ ਰਹਿਣ ਦਾ ਏਨਾ ਮੌਕ਼ਾ ਨਹੀਂ ਮਿਲਿਆ ....ਉਹ ਕੁਝ ਹੀ ਪੜ੍ਹ ਸਕਿਆ ਹਾਂ ਜੋ ਸਿਲੇਬਸ ਵਿੱਚ ਹੁੰਦਾ ਸੀ ਸਕੂਲ-ਕਾਲਜ ਵਿੱਚ....ਮੜ੍ਹੀ ਦਾ ਦੀਵਾ..ਨਾਵਲ ਚੰਗਾ ਲੱਗਦਾ ਏ....ਅਸਮਾਜਿਕ ਅਸਮਾਨਤਾ


..........


ਤਨਦੀਪ - ਮਾਂ ਦੀ ਇਕ ਆਸੀਸ/ਗੱਲ ਜਿਹੜੀ ਪਰਦੇਸ ਚ ਹਮੇਸ਼ਾ ਯਾਦ ਆਉਂਦੀ ਹੋਵੇ


ਗ਼ਾਫ਼ਿਲ - ਮਾਂ ਨੂੰ ਕਦੇ ਮੈਂ ਭੁੱਲਿਆ ਹੀ ਨਹੀਂ ਜਦ ਮੈਂ ਪਹਿਲੀ ਵਾਰ ਪ੍ਰਦੇਸ ਵਾਸਤੇ ਘਰੋਂ ਨਿਕਲਿਆ ਸਾਂ ਮਾਂ ਨੇ ਖੰਡ ਪਾ ਕੇ ਦਹੀਂ ਦਿੱਤਾ ਸੀ...ਜਿੱਦਾਂ ਮੈਂ ਲਾਮ ਤੇ ਚੱਲਿਆ ਹੋਵਾਂ ..ਮੇਰੀ ਭੋਲ਼ੀ ਮਾਂ...!


...........


ਤਨਦੀਪ - ਜੇ ਮੌਕਾ ਮਿਲ਼ੇ ਤਾਂ ਜ਼ਿੰਦਗੀ ਚੋਂ ਕੀ ਬਦਲਨਾ ਚਾਹੋਂਗੇ


ਗ਼ਾਫ਼ਿਲ - ਜ਼ਿੰਦਗੀ ਚੋਂ ਬਦਲਣ ਦੀ ਗੱਲ ਤਾਂ ਇਸਤਰ੍ਹਾਂ ਹੀ ਹੈ ਕਿ ਖ਼ੁਦ ਨੂੰ ਹੀ ਮਨਫ਼ੀ ਕਰਨ ਦੀ ਇੱਛਾ ਹੈ....
ये भी सच है ज़िंदगी जैसा नहीँ कुछ भी बचा
हमसे लेकिन चाह के भी खुदकुशी होती नहीं।


----
ਤਨਦੀਪ ਗੱਲਾਂ-ਗੱਲਾਂ ਚ ਕੋਈ ਮਿਲ਼ ਜਾਵੇ ਤਾਂ ਕੀ ਕਰੋਂਗੇ


ਗ਼ਾਫ਼ਿਲ ਇਹ ਤਾਂ ਪ੍ਰਸਥਿਤੀਆਂ ਤੇ ਨਿਰਭਰ ਕਰਦੈ..ਕਿਉਂਕਿ ਇਹ ਕੋਈ ਪੈਂਤਰੇਬਾਜ਼ੀ ਦਾ ਮਾਮਲਾ ਤਾਂ ਨਹੀਂ ਹੈ


-----


ਤਨਦੀਪ ਤੁਹਾਡੇ ਮਨ ਤੇ ਕਿਹੜੀ ਕੈਫ਼ੀਅਤ ਭਾਰੂ ਰਹਿੰਦੀ ਹੈ
ਗ਼ਾਫ਼ਿਲ
ਮੈਂ ਆਪਣੇ ਆਪ ਨੂੰ ਰਖਦਾ ਹਾਂ ਬਾਲ਼ ਕੇ ਗ਼ਾਫ਼ਿਲ


ਰਹੇ ਮਲਾਲ ਨਾ ਤੈਨੂੰ ਕਿ ਬੇ-ਚਰਾਗ਼ ਹਾਂ ਮੈਂ...


-----
ਤਨਦੀਪ - ਦੁਨੀਆਂ ਚ ਵਸਣ ਲਈ ਤੁਹਾਡੀ ਮਨ-ਪਸੰਦ ਜਗ੍ਹਾ ਕਿਹੜੀ ਹੈ


ਗ਼ਾਫ਼ਿਲ - ਤਨਦੀਪ ਜੀ! ਦੇਖਿਓ ਮੈਨੂੰ ਘਰ ਜਾਣ ਜੋਗਾ ਛੱਡ ਦਿਓ ਹੋਰ ਨਾ ਘਰ no-entry ਦਾ ਬੋਰਡ ਲੱਗਾ ਮਿਲ਼ੇ...ਤੁਹਾਡੇ ਸਵਾਲਾਂ ਦੇ ਚੱਕਰ ਚ.....


ਕੌਫੀ ਕਲੱਬ ਵਿਚ - ਤਨਦੀਪ ਤਮੰਨਾ - ਦਰਸ਼ਨ ਦਰਵੇਸ਼

ਤਨਦੀਪ ਤਮੰਨਾ ਦਰਸ਼ਨ ਦਰਵੇਸ਼


ਤਨਦੀਪ - ਤੁਹਾਡੇ ਕਿਰਦਾਰ 'ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਦਰਵੇਸ਼ - ਅੱਖਾਂ ਬੰਦ ਕਰਕੇ ਹਰ ਨਵੇਂ ਚਿਹਰੇ ਉੱਪਰ ਵਿਸ਼ਵਾ ਕਰ ਲੈਣਾਹਰ ਵੇਲ਼ੇ ਗੁਰਬਾਣੀ ਦੀ ਛੱਤ ਮਹਿਸੂਸ ਕਰਨਾਨਾਮ ਤੋਂ ਵੱਧ ਕਿਰਤ ਨੂੰ ਪਹਿਲ ਦੇਣੀ
......


ਤਨਦੀਪ - ਉਹ ਇੱਕ ਨਾਮ ਜਿਹੜਾ ਤੁਹਾਨੂੰ ਕਦੇ ਨਹੀਂ ਭੁੱਲਿਆ
ਦਰਵੇਸ਼ - ਮੈਂ ਉਸਨੂੰ ਕਦੇ ਨਾਮ ਲੈ ਕੇ ਨਹੀਂ ਸੀ ਬੁਲਾਇਆ, ਹਮੇਸ਼ਾ ਆਪਣੇ ਦਿੱਤੇ ਨਾਮ 'ਸਿਰਲੇਖ' ਨਾਲ ਹੀ ਪੁਕਾਰਦਾ ਸੀ
........


ਤਨਦੀਪ - ਮੌਕਾ ਮਿਲ਼ੇ ਤਾਂ ਤੁਸੀਂ ਪੰਜਾਬੀ ਪ੍ਰਕਾਸ਼ਕਾਂ ਅਤੇ ਪੰਜਾਬੀ ਫਿਲਮ ਨਿਰਮਾਤਾਵਾਂ 'ਚੋਂ ਕੀਹਦੇ 'ਤੇ ਨਜ਼ਲਾ ਝਾੜੋਂਗੇ
ਦਰਵੇਸ਼ - ਇਹ ਮੌਕਾ ਤਾਂ ਮਿਲ਼ਦਾ ਹੀ ਰਹਿੰਦਾ ਹੈਮੈਂ ਇਹਨਾਂ ਦੇ ਹਾਲ ਉੱਪਰ ਹੱਸਦਾ ਵੀ ਹਾਂ, ਮਾਯੂਸ ਵੀ ਹੁੰਦਾ ਹਾਂਦੋਨੋਂ ਹੀ ਮੇਰੇ ਸੱਜੇ ਖੱਬੇ ਰਹਿੰਦੇ ਨੇਦੋਨੋਂ ਹੀ ਤਕਰੀਬਨ ਸਿਰਫ਼ ਵਪਾਰੀ ਨੇਦੋਨਾਂ ਕੋਲ਼ ਹੀ ਸਮਾਜ ਦੇ ਕੋਹਜ ਨੂੰ ਵੇਖਣ ਵਾਲੀ ਅੱਖ ਨਹੀਂਦੋਨਾਂ ਬਾਰੇ ਹੀ ਬਿਨਾਂ ਰੁਕਿਆਂ ਬੜਾ ਕੁਝ ਲਿਖਿਆ, ਬੋਲਿਆ ਜਾ ਸਕਦਾ ਹੈ
.........


ਤਨਦੀਪ - ਉਹ ਸ਼ਖ਼ਸ ਜਿਹਨਾਂ ਨੂੰ ਮਿਲ਼ਣ ਦੀ ਤੁਹਾਨੂੰ ਹਰ ਵਕਤ ਤਾਂਘ ਰਹਿੰਦੀ ਹੈ
ਦਰਵੇਸ਼ - ਮੇਰਾ ਪਿੰਡ, ਮਾਂ-ਬਾਪ, ਗੁਰੂਦੇਵ ਮਨਮੋਹਨ ਸਿੰਘ, ਤਨਦੀਪ ਤਮੰਨਾ ਅਤੇ ਸਿਮਰਪਾਲ ਸੰਧੂ
.........


ਤਨਦੀਪ - ਜ਼ਿੰਦਗੀ 'ਚ ਕਿੰਨੀ ਵਾਰ ਮੁਹੱਬਤ ਕੀਤੀ ਹੈ
ਦਰਵੇਸ਼ - ਸਿਰਫ਼ ਇੱਕ ਵਾਰ ਅਤੇ ਅਨੇਕਾਂ ਵਾਰ ਕਰ ਰਿਹਾ ਹਾਂ, ਕਰਦਾ ਰਹਾਂਗਾ ਆਪਣੇ ਅਮਰ ਹੋਣ ਤੱਕ ਵੀ
..........


ਤਨਦੀਪ - ਉਹ ਕਿਹੜਾ ਖਾਣਾ, ਜਿਸਨੂੰ ਤੁਸੀਂ ਖਾਣੇ ਦੇ ਮੇਜ਼ 'ਤੇ ਕਦੇ ਵੀ ਵੇਖਣਾ ਨਹੀਂ ਚਾਹੁੰਦੇ
ਦਰਵੇਸ਼ - ਜਿਸ ਅੰਦਰੋਂ ਮਨ ਦੀ ਮਹਿਕ ਨਾ ਆਉਂਦੀ ਹੋਵੇ
..........


ਤਨਦੀਪ - ਤੁਹਾਨੂੰ ਤੁਹਾਡੇ ਦੋਸਤਾਂ ਦੀ ਕਿਹੜੀ ਗੱਲ ਜ਼ਿਆਦਾ ਚੰਗੀ ਲੱਗਦੀ ਹੈ
ਦਰਵੇਸ਼ - ਕੋਈ ਵੀ ਗੱਲ ਨਹੀਂਕਿਉਂਕਿ ਕਿਸੇ ਕੋਲ਼ ਵੀ ਦੋਸਤੀ ਨੂੰ ਪਰਖਣ ਵਾਸਤੇ ਸਮਾਂ ਹੀ ਨਹੀਂ ਰਿਹਾ ਜੀਤ ਚਚੋਹਰ ਦੇ ਲਿਖਣ ਵਾਂਗ-'ਮਿੰਟਾਂ ਸਕਿੰਟਾਂ 'ਚ ਟੁੱਟ ਜਾਂਦੀ ਯਾਰੀ ਅੱਜ ਕੱਲ੍ਹ ਤਾਂ ਜੁਆਕਾਂ ਵਾਂਗੂੰ ਯਾਰਾਂ ਦੀ'
............


ਤਨਦੀਪ - ਲੋਕ-ਗਾਥਾਵਾਂ/ਕਿੱਸਿਆਂ ਵਿਚ ਤੁਹਾਡਾ ਚਹੇਤੇ ਨਾਇਕ/ਨਾਇਕਾ ਕੌਣ ਹਨ
ਦਰਵੇਸ਼ - ਮਿਰਜ਼ਾ , ਸੋਹਣੀ ਅਤੇ ਇੰਦਰ-ਬੇਗੋ
..........


ਤਨਦੀਪ - ਉਹ ਗੀਤ ਜੋ ਤੁਸੀਂ ਅਕਸਰ ਗੁਣਗੁਣਾਉਣਾ ਪਸੰਦ ਕਰਦੇ ਹੋ
ਦਰਵੇਸ਼ - ਵੈਸੇ ਤਾਂ ਕਈ ਨੇ ਜਿਹੜੇ ਅਕਸਰ ਮੇਰੇ ਬੁੱਲ੍ਹਾਂ ਤੇ ਲਰਦੇ ਰਹਿੰਦੇ ਨੇ ਪਰ ਇੱਕ ਗੀਤ ਸਦਾ ਰਈ ਚੇਤਿਆਂ ਵਿਚ ਖੁਣਿਆ ਗਿਆ ਹੈ, ਜਿਹੜਾ 1984 ਨਾਲ ਸਬੰਧਿਤ ਸੀ-'ਵੇ ਨਿੱਕਿਆ ਤੇਰਾ ਜੂੜਾ ਕਰਦੀਕਦੇ ਮੈਂ ਜਿਊਂਦੀ ਕਦੇ ਮੈਂ ਮਰਦੀ'ਹੁਣ ਮੈਂ ਇਸਨੂੰ 1947 ਨਾਲ਼ ਵੀ ਜੋੜ ਲੈਂਦਾ ਹੈ ਜਾਂ ਉਹੋ ਜਿਹੀ ਕਿਸੇ ਵੀ ਕਾਲ਼ੀ ਹਵਾ ਵਾਲ਼ੇ ਦੌਰ ਨਾਲ਼
...........


ਤਨਦੀਪ - ਸ਼ਾਇਰ ਦਰਵੇਸ਼ ਨੂੰ ਸਭ ਤੋਂ ਵੱਧ ਕੌਣ ਜਾਣਦੈ...
ਦਰਵੇਸ਼ - ਮੇਰੀ ਸ਼ਾਇਰੀ, ਮੇਰੇ ਗੀਤ, ਮੇਰੀ ਲਾਇਬਰੇਰੀ ਦੀਆਂ ਫਿਲਮਾਂ ਅਤੇ ਕਿਤਾਬਾਂ, ਅਤੇ ਕਿਸੇ ਪਹਾੜੀ ਉਪਰਲਾ ਉਹ ਘਰ, ਜਿਹੜਾ ਮੇਰੇ ਮਨ ਅੰਦਰ ਉੱਸਰਿਆ ਹੋਇਆ ਹੈ


ਕੌਫੀ ਕਲੱਬ ਵਿਚ - ਤਨਦੀਪ ਤਮੰਨਾ - ਰਵਿੰਦਰ ਰਵੀ

ਤਨਦੀਪ ਤਮੰਨਾ ਰਵਿੰਦਰ ਰਵੀ

ਤਨਦੀਪ - ਤੁਹਾਡੇ ਕਿਰਦਾਰ 'ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਰਵੀ - ਮੈਂ ਜੀਵਨ ਤੇ ਸਾਹਿਤ ਨੂੰ ਪੂਰਨ ਰੂਪ ਵਿਚ ਵਚਨਬੱਧ ਹਾਂ! ਰੱਜ ਕੇ ਜਿਊਂਦਾ ਹਾਂ ਤੇ ਲਗਾਤਾਰ ਲਿਖਦਾ ਹਾਂ! ਮੇਰਾ ਜੀਵਨ ਤੇ ਸਾਹਿਤ ਇਕ ਦੂਜੇ ਦੇ ਪੂਰਕ ਹਨ!
...........
ਤਨਦੀਪ - ਜੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਹੋਵੇ, ਤਾਂ ਤੁਹਾਡਾ ਜੀਵਨ-ਸਾਥੀ ਕਿਹੋ ਜਿਹਾ ਹੋਵੇਗਾ
ਰਵੀ - ਪੂਰਨ ਰੂਪ ਵਿਚ ਮਨ ਦਾ ਹਾਣੀ!
ਮਨ ਨੂੰ ਮਿਲੇ ਜੇ ਮਨ ਦਾ ਹਾਣੀ
ਤਨ ਵੀ ਹਾਣੀ ਹੋ ਜਾਂਦਾ ਹੈ
ਸੂਰਜ ਦੇ ਨਾਲ ਚਾਨਣ ਵਾਂਗੂੰ
ਮੋਢਾ ਜੋੜ ਖੜੋ ਜਾਂਦਾ ਹੈ
(
ਕਾਵਿ-ਨਾਟਕ: "ਮਨ ਦੇ ਹਾਣੀ" ਵਿੱਚੋਂ)
..........
ਤਨਦੀਪ - ਪਿਤਾ ਦੀ ਇਕ ਐਸੀ ਝਿੜਕ ਜੋ ਅੱਜ ਤੱਕ ਨਾ ਭੁੱਲੀ ਹੋਵੇ?
ਰਵੀ - ਉਨ੍ਹਾਂ ਨੂੰ ਨਾ-ਪਸੰਦ ਮੇਰਾ ਨੇੜਲੇ ਪਿੰਡ ਦੀ ਕੁੜੀ ਨਾਲ਼ ਇਸ਼ਕ, ਜਿਸ ਨੂੰ ਉਹ ਮੇਰੇ ਐਫ.ਐਸ਼.ਸੀ. (ਮੈਡੀਕਲ) ਵਿੱਚੋਂ ਦੋ ਤਿੰਨ ਵਾਰੀ ਫੇਲ੍ਹ ਹੋਣ ਦਾ ਕਾਰਨ ਮੰਨਦੇ ਸਨ!
..........
ਤਨਦੀਪ - ਦੁਨੀਆਂ ਦੇ ਇਤਿਹਾਸ 'ਚ ਉਹ ਕਿਹੜਾ ਸ਼ਖ਼ਸ ਹੈ ਜਿਸ ਨੇ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੋਵੇ
ਰਵੀ - ਯੂਨਾਨੀ ਨਾਵਲਿਸਟ ਕਜ਼ਾਨ ਜ਼ਾਕਸ, ਜਿਸਦੇ ਨਾਵਲ "ਜ਼ੋਰਬਾ ਦ ਗਰੀਕ" ਵਿੱਚੋਂ ਜੀਵਨ ਨੂੰ ਭਰਪੂਰ ਰੂਪ ਵਿਚ ਜੀਵਣ ਤੇ ਮਾਨਣ ਦੀ ਪ੍ਰੇਰਨਾ ਮਿਲਦੀ ਹੈ!
..........
ਤਨਦੀਪ - ਕਿਹੜਾ ਕਸੂਰ ਸੀ ਜਿਸ ਦੀ ਸਜ਼ਾ ਤੁਸੀਂ ਚੁੱਪ ਚਾਪ ਕਬੂਲ ਲਈ ਸੀ?
ਰਵੀ - ਕੋਈ ਵੀ ਨਹੀਂ! ਮੈਂ ਬਚਪਨ ਤੋਂ ਹੀ ਵਿਦਰੋਹੀ ਸਾਂ! ਬੋਸੀਦਾ ਰਸਮਾਂ ਤੇ ਰਵਾਇਤਾਂ ਨੂੰ ਤੋੜਨ ਵਿਚ ਯਕੀਨ ਰੱਖਦਾ ਸਾਂ!
...........
ਤਨਦੀਪ - ਕਿਤਾਬ ਲਿਖਣ ਵੇਲੇ ਤੁਹਾਡਾ ਸਭ ਤੋਂ ਵੱਡਾ ਪ੍ਰੇਰਣਾ-ਸ੍ਰੋਤ ਕੌਣ ਹੁੰਦੈ?
ਰਵੀ - ਮੇਰਾ ਆਪਣਾ ਜੀਵਨ, ਜੀਵਨ-ਅਨੁਭਵ! ਮੇਰਾ ਸਿਧਾਂਤ ਹੈ ਕਿ ਰਚਨਾ, ਰਚਨਹਾਰੇ ਦਾ ਰਚਨਾਤਮਿਕ ਆਪਾ ਹੰਦੀ ਹੈ ਤੇ ਸੁਹਿਰਦ ਅਨੁਭਵ ਉਸ ਦੀ ਰੀੜ੍ਹ ਦੀ ਹੱਡੀ!
............
ਤਨਦੀਪ - ਤੁਸੀਂ ਕਦੋਂ ਅਤੇ ਕਿਹੜੀ ਜਗ੍ਹਾ 'ਤੇ ਜ਼ਿਆਦਾ ਖ਼ੁਸ਼ ਰਹੇ ਹੋ?


ਰਵੀ - ਕੀਨੀਆ ਵਿਚ ਬਿਤਾਏ ੧੯੬੭ ਤੋਂ ੧੯੭੪ ਤਕ ਦੇ ਵਰ੍ਹੇ, ਮੇਰੇ ਜੀਵਨ ਦੇ ਖ਼ੁਸ਼ੀਆਂ-ਭਰਪੂਰ ਅਭੁੱਲ ਵਰ੍ਹੇ ਹਨ!